Kavita
ਕਿਉਂ ਭੁੱਲ ਰਹੇ ਹੋ
ਇਨਸਾਨੀਅਤ, ਸਾਂਝੇ ਪੂਰਵਜ ਅਤੇ ਆਲਮੀ ਪਰਿਵਾਰ ਦੀ ਯਾਦ ਦਿਵਾਉਂਦੀ ਇਕ ਵਿਚਾਰਸ਼ੀਲ ਕਵਿਤਾ।
ਭੁੱਲ ਰਹੇ ਕਿਉਂ ਹੋ
ਕਿਉਂ ਭੁੱਲੇ ਹੋਏ ਓ
ਇਨਸਾਨ ਹਾਂ
ਆਪਾਂ ਸਭ
ਸਾਰੀ ਦੁਨੀਆਂ ਦੇ ਲੋਕ
ਪੂਰਵਜ ਸਭ ਦਾ ਸਾਂਝਾ
ਅਮੀਬਾ
ਹਾਂ ਹਾਂ ਅਮੀਬਾ
ਇੱਕ ਸੈੱਲ ਵਾਲਾ
ਜੀਉਂਦਾ ਧੜਕਦਾ ਜੀਵ
ਅਸੀਂ ਸਭ
ਇੱਕ ਹੀ ਹਾਂ ਪਰਿਵਾਰ
ਇੱਕੋ ਪੂਰਵਜ ਦੀ ਔਲਾਦ
ਤੇ ਅਜਿਹਾ ਹੀ
ਕਹਿੰਦੇ ਆ ਰਹੇ ਨੇ
ਮੇਰੇ ਦੇਸ਼ ਭਾਰਤ ਦੇ ਵਾਸੀ
ਅਕਸਰ ਮਾਣ ਨਾਲ
ਅਭਿਮਾਨ ਨਾਲ
ਸਾਰੀ ਦੁਨੀਆਂ ਕੁਟੰਬ ਹੈ ਸਾਡਾ
ਆਖਿਰ ਕਿਉਂ
ਤੇ ਕਿਹੜੇ ਕਾਰਨਾਂ ਕਰਕੇ
ਕਿਸ ਪਾਗਲਪਣ ਕਾਰਨ
ਸੁੰਘੜ ਸਿਮਟ ਰਿਹੈ
ਇਹ ਪੂਰਵਜ ਅਮੀਬਾ ਦਾ ਸੰਯੁਕਤ ਪਰਿਵਾਰ
ਸੋਚੋ ਸਮਝੋ ਸੋਚੋ ਸੰਭਲੋ
ਸਮਾਂ ਹੈ ਅਜੇ ਵੀ
ਸਮਝਣ ਸਮਝਾਉਣ ਦਾ
ਫੈਲ ਰਹੀ ਨਫਰਤ ਹਿੰਸਾ ਬਰਬਾਦੀ
ਤੋਂ ਬਚਣ ਦਾ, ਪਰਿਵਾਰ ਨੂੰ ਬਚਾਉਣ ਦਾ
ਆਲਮੀ ਪਰਿਵਾਰ
ਤੇ ਇਨਸਾਨੀਅਤ ਨੂੰ ਖੁਸ਼ੀਆਂ ਖੇੜਿਆਂ ਵੱਲ ਲਿਜਾਣ ਦਾ
ਸਮਾਂ ਹੈ ਅਜੇ ਵੀ
ਬਚਣ ਦਾ ਬਚਾਉਣ ਦਾ
ਹਸ਼ਰ ਕੀ ਹੋਇਆ ਸੀ ਹਿਟਲਰ ਦਾ
ਮੁਸੋਲਿਨੀ ਕਿਵੇਂ ਮਸਲ ਦਿੱਤਾ ਸੀ ਅਵਾਮ ਨੇ
ਹੋਏ ਨੁਕਸਾਨ ਤੋਂ ਬਾਅਦ
ਮੁਲਾਂਕਣ ਕਰਨਾ
ਸਿਰਫ ਪਸ਼ਚਾਤਾਪ ਹੁੰਦਾ ਹੈ
ਵਿਰਲਾਪ ਹੁੰਦਾ ਹੈ
ਕਿਉਂ ਭੁੱਲ ਰਹੇ ਹਾਂ
ਕਿਉਂ ਭੁੱਲੇ ਹੋਏ ਹਾਂ
ਇਨਸਾਨ ਹਾਂ ਆਪਾਂ ਸਭ
ਅਮੀਬਾ ਦੀ ਔਲਾਦ ਹਾਂ
ਆਪਾਂ ਸਭ