Kavita

ਮਰੇ ਹੋਏ

ਚੁੱਪ, ਬੇਬਸੀ, ਸੱਚ ਬੋਲਣ ਦੀ ਲੋੜ ਅਤੇ ਅੰਦਰੂਨੀ ਜਾਗਰੂਕਤਾ ਬਾਰੇ ਇਕ ਗੰਭੀਰ ਪੰਜਾਬੀ ਕਵਿਤਾ।

ਤੇ, ਉਹ ਕਹਿ ਰਿਹਾ ਸੀ

ਸਮਝਾ ਰਿਹਾ ਸੀ

ਜ਼ੋਰ ਨਾਲ

ਸ਼ਿੱਦਤ ਨਾਲ, ਸੰਜੀਦਗੀ ਨਾਲ

ਮਰ ਗਿਆ

ਕੌਣ ਹੁੰਦਾ ਹੈ

ਜੋ ਬੋਲ ਨਹੀਂ ਸਕਦਾ

ਕੁਝ ਕਰ ਨਹੀਂ ਸਕਦਾ

ਉਹ ਮਰ ਗਿਆ ਹੁੰਦਾ ਹੈ।

ਉਹ ਲਾਸ਼ ਹੁੰਦਾ ਹੈ

ਸੁਣਿਆ ਮੈਂ, ਸਮਝਿਆ ਮੈਂ,

ਇੱਕਦਮ, ਅਹਿਸਾਸ ਹੋਇਆ

ਇਹ ਜੋ, ਮੈਂ ਸੁਣ ਰਿਹਾ

ਅਸੀਂ ਸਾਰੇ ਸੁਣ ਰਹੇ

ਇਹ ਜੋ, ਉਹ ਕਹਿ ਰਿਹਾ

ਸਾਰੇ ਹੀ ਅਸੀਂ

ਹਾਂ ਹਾਂ, ਅਸੀਂ ਸਾਰੇ ਹੀ

ਨਾਂ ਕੁਝ ਕਰ ਪਾ ਰਹੇ ਹਾਂ

ਨਾਂ ਬੋਲ ਪਾ ਰਹੇ ਹਾਂ

ਚਾਹੁੰਦੇ ਹਾਂ, ਜੋ ਬੋਲਣਾ

ਫਿਕਰਮੰਦ ਦੋਸਤੋ

ਸਾਫ ਹੈ, ਸਪੱਸ਼ਟ ਹੈ,

ਫਿਰ ਅਸੀਂ ਵੀ ਸਾਰੇ

ਕੌਣ ਹੋਏ,

ਕੌਣ ਹੋਏ ਅਸੀ

ਪਲ ਪਲ ਮਰ ਰਹੇ

ਜਾਂ

ਮਰੇ ਹੋਏ

ਪਰਮਿੰਦਰ ਸਿੰਘ ਗਿੱਲ ਐਡਵੋਕੇਟ